ਅਤਰ ਸਿੰਘ ਕਾਲਿਆਂਵਾਲਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਤਰ ਸਿੰਘ ਕਾਲਿਆਂਵਾਲਾ (ਅ.ਚ.1851) : ਸਿੱਖ ਰਾਜ ਦੇ ਸਮੇਂ ਦਾ ਇਕ ਫ਼ੌਜੀ ਅਤੇ ਜਗੀਰਦਾਰ ਮਹਾਰਾਜਾ ਰਣਜੀਤ ਸਿੰਘ ਅਧੀਨ ਇਕ ਮਿਲਟਰੀ ਕਮਾਂਡਰ ਦਲ ਸਿੰਘ ਨੇਹਰਨਾ ਦਾ ਪੁੱਤਰ ਸੀ। ਅਤਰ ਸਿੰਘ ਦੇ ਬਜ਼ੁਰਗ ਸ਼ੇਖੂਪੁਰਾ ਜ਼ਿਲਾ ਦੇ ਪਿੰਡ ਕੜਿਆਲ (ਹੁਣ ਪਾਕਿਸਤਾਨ) ਦੇ ਰਹਿਣ ਵਾਲੇ ਸਨ। ਇਹਨਾਂ ਦੇ ਇਕ ਪੂਰਵਜ਼, ਸਾਹਿਬ ਸਿੰਘ ਨੂੰ ਚੜ੍ਹਤ ਸਿੰਘ ਸੁੱਕਰਚੱਕੀਆ ਵਲੋਂ ਜਗੀਰ ਮਿਲੀ ਸੀ। ਸਾਹਿਬ ਸਿੰਘ ਦੇ ਪੁੱਤਰ ਹਕੂਮਤ ਸਿੰਘ ਅਤੇ ਪੋਤੇ ਕੌਰ ਸਿੰਘ ਨੇ ਵੀ ਸੁੱਕਰਚੱਕੀਆ ਸਰਦਾਰਾਂ ਕੋਲ ਨੌਕਰੀ ਕੀਤੀ ਸੀ। ਕੌਰ ਸਿੰਘ ਦੇ ਪੁੱਤਰ, ਦਲ ਸਿੰਘ ਨੇ ਕਸੂਰ , ਮੁਲਤਾਨ , ਕਸ਼ਮੀਰ ਅਤੇ ਡੇਰਾ ਇਸਮਾਈਲ ਖ਼ਾਨ ਦੀਆਂ ਲੜਾਈਆਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਚੰਗਾ ਨਾਮਣਾ ਖੱਟਿਆ। ਦਲ ਸਿੰਘ ਦੇ ਪੁੱਤਰ, ਅਤਰ ਸਿੰਘ, ਨੂੰ ਰਾਜਕੁਮਾਰ ਨੌਨਿਹਾਲ ਸਿੰਘ ਦੀ ਅਗਵਾਈ ਅਧੀਨ 1834 ਈ. ਵਿਚ ਪਿਸ਼ਾਵਰ ਦੀ ਮੁਹਿੰਮ ਉਪਰ ਭੇਜਿਆ ਗਿਆ। ਉਥੇ ਰਹਿੰਦਿਆਂ ਨੌਨਿਹਾਲ ਸਿੰਘ ਦੇ ਡਿਓੜ੍ਹੀ ਬਰਦਾਰ ਅਤੇ ਚਹੇਤੇ ਦੀਵਾਨ ਹਾਕਿਮ ਰਾਇ, ਨੇ ਅਤਰ ਸਿੰਘ ਦੀ ਕਮਾਂਡ ਅਧੀਨ ਕੰਮ ਕਰਦੇ ਕਈ ਸਰਦਾਰਾਂ ਨੂੰ ਆਪਣੇ ਪੱਖ ਵਿਚ ਕਰ ਲਿਆ। ਇਸ ਗੱਲ ਤੋਂ ਨਾਰਾਜ਼ ਹੋ ਕੇ ਅਤਰ ਸਿੰਘ ਬਿਨਾਂ ਆਗਿਆ ਲਏ ਕੈਂਪ ਛੱਡ ਕੇ ਲਾਹੌਰ ਚਲਾ ਗਿਆ। ਉਥੇ ਪਹੁੰਚ ਕੇ ਇਸ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਸ਼ਿਕਾਇਤ ਕੀਤੀ ਪਰੰਤੂ ਮਹਾਰਾਜਾ ਨੇ ਇਸਨੂੰ ਰੈਜੀਮੈਂਟ ਵਿਚ ਵਾਪਿਸ ਚਲੇ ਜਾਣ ਦਾ ਹੁਕਮ ਦਿੱਤਾ ਜਿਹੜੀ ਉਸ ਸਮੇਂ ਬੰਨੂ ਵਿਖੇ ਸੀ। ਅਤਰ ਸਿੰਘ ਦੁਆਰਾ ਇਸ ਹੁਕਮ ਦੀ ਤਾਮੀਲ ਨਾ ਕੀਤੇ ਜਾਣ ਤੇ ਰਣਜੀਤ ਸਿੰਘ ਨੇ ਇਸ ਦੀ ਸਾਰੀ ਜਗੀਰ ਜਬਤ ਕਰ ਲਈ। ਬਾਅਦ ਵਿਚ ਮਹਾਰਾਜਾ ਖੜਕ ਸਿੰਘ ਨੇ ਇਸ ਨੂੰ ਜਗੀਰ ਦਾ ਕੁਝ ਹਿੱਸਾ ਵਾਪਸ ਕਰ ਦਿੱਤਾ। ਜਦੋਂ ਅਤਰ ਸਿੰਘ ਮਹਾਰਾਜਾ ਖੜਕ ਸਿੰਘ ਅਤੇ ਰਾਜਕੁਮਾਰ ਨੌਨਿਹਾਲ ਸਿੰਘ ਦੀਆਂ ਅਸਥੀਆਂ ਗੰਗਾ ਪ੍ਰਵਾਹ ਕਰਕੇ ਲਾਹੌਰ ਵਾਪਸ ਪਰਤਿਆ ਤਾਂ ਮਹਾਰਾਜਾ ਸ਼ੇਰ ਸਿੰਘ ਨੇ ਪਿੰਡੀ ਘੇਬ ਅਤੇ ਮੀਰੋਵਾਲ ਦੀਆਂ ਜਗੀਰਾਂ ਇਸ ਨੂੰ ਦਿੱਤੀਆਂ ਜਿਨ੍ਹਾਂ ਦਾ ਮੁੱਲ ਉਸ ਸਮੇਂ ਇਕ ਲੱਖ ਰੁਪਏ ਤੋਂ ਵੱਧ ਸੀ। ਇਹ ਜਗੀਰ ਦਿੰਦੇ ਸਮੇਂ ਇਸ ਤੇ ਦੋ ਸੌ ਘੋੜਸਵਾਰ ਫ਼ੌਜੀ ਕਾਰਜਾਂ ਲਈ ਤਿਆਰ ਰੱਖਣ ਦੀ ਸ਼ਰਤ ਵੀ ਰੱਖੀ ਗਈ

    ਅਤਰ ਸਿੰਘ ਨੂੰ ਲਾਹੌਰ ਅਤੇ ਨਾਲ ਲਗਦੇ ਜ਼ਿਲਿਆਂ ਦਾ ਅਦਾਲਤੀ ਅਤੇ ਪਿੰਡੀਵਾਲ ਦੀ ਬੇਕਾਇਦਾ ਪਿਆਦਾ ਫ਼ੌਜ ਦਾ ਕਮਾਂਡਰ ਵੀ ਬਣਾ ਦਿੱਤਾ ਗਿਆ। ਇਹ ਸੈਨਾਂ ਪਹਿਲਾਂ ਮਿਲਖਾ ਸਿੰਘ ਪਿੰਡੀਵਾਲਾ ਵਲੋਂ ਖੜ੍ਹੀ ਕੀਤੀ ਗਈ ਸੀ। ਅਤਰ ਸਿੰਘ ਨੇ ਪਹਿਲੇ ਐਂਗਲੋ-ਸਿੱਖ ਯੁੱਧ ਵਿਚ ਹਿੱਸਾ ਲਿਆ ਸੀ। ਭੈਰੋਵਾਲ ਦੀ ਸੰਧੀ ਤੋਂ ਪਿੱਛੋਂ ਇਸ ਨੂੰ ਦਸੰਬਰ 1846 ਵਿਚ ਗਠਿਤ ਕੀਤੀ ਗਈ ਕੌਂਸਿਲ ਆਫ਼ ਰੀਜੈਂਸੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਅਤੇ ਪੰਜਾਬ ਨੂੰ ਅੰਗਰੇਜ਼ਾਂ ਦੁਆਰਾ ਆਪਣੇ ਅਧੀਨ ਕੀਤੇ ਜਾਣ ਤੱਕ ਉਹ ਇਸ ਪਦਵੀ ਉਪਰ ਰਿਹਾ।

    ਅਤਰ ਸਿੰਘ ਦਸੰਬਰ 1851 ਈ. ਵਿਚ ਅਕਾਲ ਚਲਾਣਾ ਕਰ ਗਿਆ।


ਲੇਖਕ : ਜ.ਰ.ਗ. ਅਤੇ ਅਨੁ. ਧ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.