ਕਬੀਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਕਬੀਰ (1512–1632) : ਸੰਤ ਕਬੀਰ ਦੇ ਜਨਮ, ਜਨਮ-ਸਥਾਨ, ਮਾਤਾ-ਪਿਤਾ ਅਤੇ ਮ੍ਰਿਤੂਕਾਲ ਬਾਰੇ ਵੱਖ-ਵੱਖ ਵਿਦਵਾਨਾਂ ਦੇ ਭਿੰਨ-ਭਿੰਨ ਮੱਤ ਹਨ, ਜਿਨ੍ਹਾਂ ਕਰ ਕੇ ਕਬੀਰ ਦੇ ਜੀਵਨ ਬਾਰੇ ਕੁਝ ਵੀ ਸਪਸ਼ਟ ਤੌਰ ’ਤੇ ਨਹੀਂ ਕਿਹਾ ਜਾ ਸਕਦਾ। ਜੋ ਕੁਝ ਵੀ ਹੈ, ਉਹ ਦੰਦ-ਕਥਾਵਾਂ ਹਨ।

     ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼) ਅਨੁਸਾਰ ਕਬੀਰ ਦਾ ਜਨਮ 1512 ਵਿੱਚ ਮਗਹਰ (ਗੋਰਖਪੁਰ ਤੋਂ ਪੰਦਰਾਂ ਮੀਲ ਦੂਰ) ਹੋਇਆ ਸੀ। ਉਹ ਇੱਕ ਵਿਧਵਾ ਬ੍ਰਾਹਮਣੀ ਦੀ ਸੰਤਾਨ ਸਨ। ਉਹਨਾਂ ਦੀ ਮਾਤਾ ਨੇ ਜਨਮ ਹੁੰਦਿਆਂ ਹੀ ਬਾਲ ਨੂੰ ਬਨਾਰਸ ਦੇ ਨੇੜੇ ‘ਲਹਿਰ ਤਲਾਬ’ ਦੇ ਕਿਨਾਰੇ ਛੱਡ ਦਿੱਤਾ। ਉਸ ਤਲਾਬ ਦੇ ਨੇੜਿਓਂ ਲੰਘਦਿਆਂ, ਅਲੀ (ਨੀਰੂ) ਨਾਮ ਦੇ ਜੁਲਾਹੇ ਨੇ ਬੱਚੇ ਉਪਰ ਤਰਸ ਕਰ ਕੇ ਉਸ ਨੂੰ ਆਪਣੇ ਘਰ ਚੁੱਕ ਲਿਆਂਦਾ ਅਤੇ ਪਤਨੀ ਨੀਮਾ ਨੂੰ ਸੌਂਪ ਦਿੱਤਾ। ਉਹਨਾਂ ਨੇ ਉਸ ਬੱਚੇ ਨੂੰ ਆਪਣਾ ਪੁੱਤਰ ਸਮਝ ਕੇ ਪਾਲਣ-ਪੋਸ਼ਣ ਕੀਤਾ ਅਤੇ ਕਾਜ਼ੀ ਨੂੰ ਬੁਲਾ ਕੇ ‘ਕਬੀਰ’ ਨਾਂ ਰੱਖਿਆ ਗਿਆ।

     ਕਬੀਰ ਗ੍ਰੰਥਾਵਲੀ ਵਿੱਚ ਇੱਕ ਹੋਰ ਦਿਲਚਸਪ ਬਿਰਤਾਂਤ ਕਬੀਰ ਦੇ ਜਨਮ ਬਾਰੇ ਦਰਜ ਹੈ। ਇਸ ਅਨੁਸਾਰ ਕਬੀਰ ਅਕਾਸ਼ ਤੋਂ ਧਰਤੀ ਉੱਪਰ ਉਤਰਿਆ ਅਤੇ ਇਸ ਨੇ ਕਮਲ ਫੁੱਲ ਵਿੱਚ ਜਨਮ ਲਿਆ। ਇਹ ਕਮਲ ਫੁੱਲ ‘ਲਹਿਰ ਤਲਾਬ’ ਦੇ ਵਿਚਕਾਰ ਸੀ। ਨੀਰੂ ਜੁਲਾਹਾ ਤੇ ਉਸ ਦੀ ਪਤਨੀ ਨੀਮਾ ਕੋਲੋਂ ਦੀ ਲੰਘ ਰਹੇ ਸਨ ਤਾਂ ਉਹਨਾਂ ਨੇ ਕਮਲ ਫੁੱਲ ਵਿੱਚ ਬੱਚੇ ਨੂੰ ਵੇਖ ਕੇ ਚੁੱਕ ਲਿਆ ਤੇ ਆਪਣੇ ਨਾਲ ਘਰ ਲੈ ਗਏ। ਇਸ ਤਰ੍ਹਾਂ ਉਹਨਾਂ ਨੇ ਇਸ ਬੱਚੇ ਨੂੰ ਆਪਣਾ ਪੁੱਤਰ ਕਹਿ ਕੇ ਪਾਲਿਆ। ਉਂਞ ਕਬੀਰ ਦੀਆਂ ਰਚਨਾਵਾਂ ਵਿੱਚੋਂ ਇਹਨਾਂ ਦੇ ਮਾਤਾ-ਪਿਤਾ ਬਾਰੇ ਕੋਈ ਸੰਕੇਤ ਨਹੀਂ ਮਿਲਦੇ।

     ਕਬੀਰ ਨੇ ਆਪਣੀ ਬਾਣੀ ਵਿੱਚ ਆਪਣੇ-ਆਪ ਨੂੰ ‘ਜੁਲਾਹਾ’ ਜਾਂ ‘ਕੋਰੀ’ ਕਿਹਾ ਹੈ। ਇਹਨਾਂ ਦੀ ਪਤਨੀ ਦਾ ਨਾਮ ‘ਲੋਈ’ ਸੀ। ਮੋਹਨ ਸਿੰਘ ਦੀਵਾਨਾ ਅਨੁਸਾਰ ਕਬੀਰ ਦੇ ਦੋ ਪੁੱਤਰ ਕਮਾਲ ਤੇ ਜਮਾਲ ਅਤੇ ਦੋ ਧੀਆਂ ਕਮਾਲੀ ਤੇ ਜਮਾਲੀ ਸਨ। ਪਰ ਭਾਈ ਕਾਨ੍ਹ ਸਿੰਘ ਨਾਭਾ ਨੇ ਕਬੀਰ ਦੇ ਇੱਕੋ ਪੁੱਤਰ ਕਮਾਲ ਦਾ ਹੀ ਜ਼ਿਕਰ ਕੀਤਾ ਹੈ।

     ਕਬੀਰ ਦਾ ਸੁਆਮੀ ਰਾਮਾਨੰਦ ਦੇ ਸ਼ਿਸ਼ ਹੋਣ ਬਾਰੇ ਵੀ ਵਿਦਵਾਨਾਂ ਵਿੱਚ ਮੱਤ-ਭੇਦ ਹਨ। ਵਾਸਤਵ ਵਿੱਚ ਕਬੀਰ ਨੇ ਸਾਰਾ ਗਿਆਨ ਵਿਰਾਗੀਆਂ, ਸੂਫ਼ੀਆਂ ਅਤੇ ਜੋਗੀਆਂ ਦੀ ਸੰਗਤ ਵਿੱਚੋਂ ਪ੍ਰਾਪਤ ਕੀਤਾ ਸੀ।

     ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਦੇ ਕੁੱਲ 225 ਸ਼ਬਦ, ਇੱਕ ਬਾਵਨ-ਅੱਖਰੀ, ਇੱਕ ਥਿਤੀ, ਇੱਕ ਸਤਵਾਰਾ ਅਤੇ 243 ਸਲੋਕ ਦਰਜ ਹਨ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕਬੀਰ ਦੀ ਰਚਨਾ ਕਬੀਰ ਬੀਜਕ ਅਤੇ ਕਬੀਰ ਗ੍ਰੰਥਾਵਲੀ ਦੇਵਨਾਗਰੀ ਵਿੱਚ ਅੰਕਿਤ ਹਨ। ਕਬੀਰ ਬੀਜਕ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਦਾ ਕਹਿਣਾ ਹੈ ਕਿ ਇਸ ਦਾ ਸੰਗ੍ਰਹਿ ਉਹਨਾਂ ਦੇ ਧਰਮਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਸੀ। ਕਬੀਰ ਬੀਜਕ ਦੀ ਰਚਨਾ ਦੇ ਸਮੇਂ ਬਾਰੇ ਵਿਦਵਾਨ ਇੱਕ-ਮੱਤ ਨਹੀਂ ਹਨ। ਐਨਾ ਜ਼ਰੂਰ ਹੈ ਕਿ ਇਹ ਆਦਿ ਗ੍ਰੰਥ ਦੇ ਸੰਪਾਦਨ ਤੋਂ ਬਾਅਦ ਵਿੱਚ ਹੋਂਦ ਵਿੱਚ ਆਇਆ ਸੀ। ਹਜ਼ਾਰੀ ਪ੍ਰਸਾਦ ਦਿPਵੇਦੀ (ਕਬੀਰ) ਅਨੁਸਾਰ, ਕਬੀਰ ਬੀਜਕ ਤੋਂ ਇਲਾਵਾ ਵੀ ਕਬੀਰ ਦੇ ਨਾਂ ਦੀਆਂ ਰਚਨਾਵਾਂ ਮਿਲਦੀਆਂ ਹਨ।

     ਕਬੀਰ ਆਪਣੀ ਬਾਣੀ ਵਿੱਚ ਸਮਾਜ ਦੀਆਂ ਮਾਨਵ- ਵਿਰੋਧੀ ਰੀਤਾਂ-ਰਸਮਾਂ ਦਾ ਡਟ ਕੇ ਖੰਡਨ ਕਰਦੇ ਹਨ। ਬ੍ਰਾਹਮਣਵਾਦ ਦੀ ਜਾਤ-ਪਾਤ ਦੀ ਪੱਖਪਾਤੀ ਨੀਤੀ ਨੂੰ ਕਬੀਰ ਨੇ ਜਿੰਨਾ ਭੰਡਿਆ ਹੈ ਉਤਨਾ ਕਿਸੇ ਹੋਰ ਸੰਤ ਨੇ ਨਹੀਂ। ਉਹ ਆਪਣੇ ਵਿਅਕਤਿਤਵ ਸਦਕਾ ਧਰਮਾਂ ਦੇ ਪਖੰਡਾਂ ਤੋਂ ਪਰੇ ਰਹੇ ਅਤੇ ਜੀਵਨ ਭਰ ਉਹਨਾਂ ਦਾ ਖੰਡਨ ਕਰਦੇ ਰਹੇ। ਕਬੀਰ ਦੇ ਸਮਕਾਲੀ ਸੰਤਾਂ ਵਿੱਚੋਂ ਅਧਿਕਤਰ ਪਰੰਪਰਾਈ ਭਗਤੀ ਤੇ ਸਾਧਨਾ ਨਾਲ ਹੀ ਜੁੜੇ ਰਹੇ। ਕਬੀਰ ਚਾਹੁੰਦੇ ਸਨ ਕਿ ਲੋਕ ਬਦਲੇ ਹੋਏ ਸਮੇਂ ਨੂੰ ਪਛਾਣਨ ਅਤੇ ਵਿਅਰਥ ਦੇ ਰੀਤਾਂ-ਰਿਵਾਜਾਂ, ਵਹਿਮਾਂ-ਭਰਮਾਂ ਤੋਂ ਬਾਹਰ ਆਉਣ। ਇਹਨਾਂ ਨੇ ਕੇਵਲ ਹਿੰਦੂ ਧਰਮ ਦੇ ਕਰਮ-ਕਾਂਡਾਂ ਦਾ ਹੀ ਵਿਰੋਧ ਨਹੀਂ ਕੀਤਾ ਬਲਕਿ ਸਾਰੀ ਉਮਰ ਮੁਸਲਮਾਨਾਂ ਦੇ ਬਾਹਰੀ ਆਚਾਰ-ਵਿਹਾਰ ਦਾ ਵੀ ਖੰਡਨ ਕਰਦੇ ਰਹੇ। ਉਹਨਾਂ ਅਨੁਸਾਰ ਪੂਜਾ, ਨਮਾਜ, ਹੱਜ ਤੇ ਤੀਰਥ ਯਾਤਰਾਵਾਂ ਸਭ ਨਿਹਫਲ ਹਨ। ਕੇਵਲ ਪ੍ਰੇਮ-ਮਾਰਗ ਹੀ ਅਸਲੀ ਮਾਰਗ ਹੈ।

     ਕਬੀਰ ਦੇ ਸਮੇਂ ਇੱਕ ਅੰਧ-ਵਿਸ਼ਵਾਸ ਪ੍ਰਚਲਿਤ ਸੀ ਕਿ ਕਾਸ਼ੀ ਵਿੱਚ ਮ੍ਰਿਤੂ ਹੋਣ ਨਾਲ ਵਿਅਕਤੀ ਸਿੱਧਾ ਸੁਰਗ-ਲੋਕ ਵਿੱਚ ਜਾਂਦਾ ਹੈ। ਇਸ ਅੰਧ-ਵਿਸ਼ਵਾਸ ਨੂੰ ਤੋੜਨ ਲਈ ਕਬੀਰ ਆਪਣੇ ਅੰਤਿਮ ਸਮੇਂ ਆਪਣੀ ‘ਜਨਮ ਭੂਮੀ’ ਮਗਹਰ ਆ ਗਏ ਅਤੇ 1632 ਵਿੱਚ ਇਸ ਨਾਸ਼ਵਾਨ ਸੰਸਾਰ ਤੋਂ ਚਲਾਣਾ ਕਰ ਗਏ।


ਲੇਖਕ : ਅਜਮੇਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੀਰ [ਨਿਪੁ] ਮੱਧ ਕਾਲ ਦਾ ਇੱਕ ਪ੍ਰਸਿੱਧ ਭਗਤ ਅਤੇ ਕਵੀ, ਕਬੀਰ ਪੰਥ ਦਾ ਬਾਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਕਬੀਰ. ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫ ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ—ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.

 

ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.

ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈ੃ਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਣ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.

ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ—“ਭੁਜਾ ਬਾਂਧਿ ਭਿਲਾ ਕਰਿ ਡਾਰਿਓ.” (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।

ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ—ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ—ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫ ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.

ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ “ਕਬੀਰ ਚੌਰਾ” ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.

ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ “ਕਬੀਰਬੀਜਕ” ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.

ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. “ਕਹਤ ਕਬੀਰ ਛੋਡਿ ਬਿਖਿਆਰਸੁ.” (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ । ੨ ਅ਼ ਕਬੀਰ. ਵਿ—ਵਡਾ. ਬਜ਼ੁਰਗ. “ਹਕਾ ਕਬੀਰ ਕਰੀਮ ਤੂੰ.” (ਤਿਲੰ ਮ: ੧) ੩ ਸੰਗ੍ਯਾ—ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24075, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਬੀਰ: ਪੂਰਾ ਨਾਂ ਕਬੀਰ ਦਾਸ ਅਰਬੀ ਭਾਸ਼ਾ ਦੇ ‘ਕਬੀਰ` ਦਾ ਅਰਬੀ ਵਿਚ ਅਰਥ ਹੈ ‘ਵੱਡਾ`, ਅਤੇ ਸੰਸਕ੍ਰਿਤ ਦੇ ‘ਦਾਸ’ ਦਾ ਅਰਥ ਹੈ ‘ਗੁਲਾਮ` ਜਾਂ ‘ਸੇਵਾਦਾਰ`, ਉੱਤਰੀ ਭਾਰਤ ਦੇ ਸਾਹਿਤਿਕ ਅਤੇ ਧਾਰਮਿਕ ਇਤਿਹਾਸ ਵਿਚ ਗਿਣਿਆ ਜਾਂਦਾ ਇਕ ਵੱਡਾ ਨਾਂ ਹੈ। ਇਹ ਮੱਧਕਾਲੀ ਭਾਰਤੀ ਸੰਤਾਂ ਅਤੇ ਸੂਫ਼ੀਆਂ ਵਿਚੋਂ ਇਕ ਹਨ ਜਿਹਨਾਂ ਦੀਆਂ ਰਚਨਾਵਾਂ ਸਿੱਖ ਧਰਮ-ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸਾਰੇ ਸੰਤਾਂ ਵਿਚੋਂ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਜ਼ਿਆਦਾ ਹੈ। ਕਬੀਰ-ਬਾਣੀ 17 ਰਾਗਾਂ ਵਿਚ ਹੈ ਅਤੇ ਇਸ ਵਿਚ 227 ਪਦੇ ਅਤੇ 237 ਸਲੋਕ ਸ਼ਾਮਲ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਰਾਗ ਵਿਚ ਅੰਕਿਤ ਭਗਤ ਬਾਣੀ ਦਾ ਅਰੰਭ ਕਬੀਰ ਜੀ ਦੀ ਬਾਣੀ ਨਾਲ ਹੁੰਦਾ ਹੈ: ਗੁਰੂ ਸਾਹਿਬਾਨ ਤੋਂ ਇਲਾਵਾ ਬਾਕੀ ਸਾਰੇ ਬਾਣੀਕਾਰਾਂ ਦੀਆਂ ਰਚਨਾਵਾਂ ਨੂੰ ਸਮੂਹਿਕ ਤੌਰ ਤੇ ‘ਭਗਤ ਬਾਣੀ` ਦਾ ਨਾਂ ਦਿੱਤਾ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ ਦੇ ਸ਼ਬਦਾਂ ਦੀ ਕਾਫ਼ੀ ਗਿਣਤੀ ਹੋਣ ਕਾਰਨ ਅਤੇ ਇਤਿਹਾਸਿਕ ਤੌਰ ਤੇ ਕਬੀਰ ਜੀ ਦੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੇ ਪੂਰਵ-ਵਰਤੀ ਹੋਣ ਕਾਰਨ ਪੱਛਮ ਦੇ ਕੁਝ ਵਿਦਵਾਨ ਇਹਨਾਂ ਨੂੰ ਸਿੱਖ ਧਰਮ ਦਾ ਮੋਢੀ ਦੱਸਦੇ ਹਨ। ਕੁਝ ਨੇ ਤਾਂ ਇਹਨਾਂ ਨੂੰ ਗੁਰੂ ਨਾਨਕ ਜੀ ਦਾ ਗੁਰੂ ਵੀ ਕਿਹਾ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲਦਾ ਕਿ ਗੁਰੂ ਨਾਨਕ ਸਾਹਿਬ ਅਤੇ ਕਬੀਰ ਜੀ ਕਦੇ ਮਿਲੇ ਹੋਣ, ਉਹਨਾਂ ਦੇ ਜੀਵਨ ਕਾਲ ਦਾ ਸਮਾਂ ਇਕ ਦੂਜੇ ਨਾਲ ਮੇਲ ਨਹੀਂ ਖਾਂਦਾ। ਗੁਰੂ ਨਾਨਕ ਦੇਵ ਜੀ ਵੱਲੋਂ ਕਬੀਰ ਦੀਆਂ ਸਿੱਖਿਆਵਾਂ ਤੋਂ ਕੁਝ ਲੈਣ ਸੰਬੰਧੀ ਬਹੁਤ ਹੀ ਨਿਗੁਣੇ ਜਿਹੇ ਸੰਕੇਤ ਹਨ। ਤੀਜੇ ਨਾਨਕ, ਗੁਰੂ ਅਮਰਦਾਸ ਦੇ ਸਮੇਂ ਤਿਆਰ ਕੀਤੀਆਂ ‘ਗੋਇੰਦਵਾਲ ਵਾਲੀਆਂ ਪੋਥੀਆਂ` ਵਿਚ ਗੁਰੂ ਸਾਹਿਬਾਨ ਦੀ ਬਾਣੀ ਨਾਲ ਕੁਝ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਮਿਲਦੀ ਹੈ ਅਤੇ ਇਹਨਾਂ ਵਿਚ ਕਬੀਰ ਦੀਆਂ ਰਚਨਾਵਾਂ ਵੀ ਸ਼ਾਮਲ ਹਨ। ਇਹ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਲ ਕੀਤੀਆਂ ਗਈਆਂ ਹਨ। ਪਰੰਤੂ ਕਾਫ਼ੀ ਬਾਅਦ ਵਿਚ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਗ੍ਰੰਥ ਸੰਕਲਨ ਕਰਨ ਸਮੇਂ ਇਹਨਾਂ ਰਚਨਾਵਾਂ ਨੂੰ ਸ਼ਾਮਲ ਕੀਤਾ। ਉਹਨਾਂ ਨੇ ਆਪਣੀ ਅਤੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਇਸ ਵਿਚ ਸ਼ਾਮਲ ਕਰਨ ਤੋਂ ਇਲਾਵਾ ਕਬੀਰ ਸਮੇਤ ਕੁਝ ਹਿੰਦੂ ਅਤੇ ਮੁਸਲਮਾਨ ਸੰਤਾਂ ਅਤੇ ਭਗਤਾਂ ਦੀਆਂ ਰਚਨਾਵਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੀਆਂ ਹਨ।

      ਕਬੀਰ ਜੀ ਦਾ ਜਨਮ ਪੰਦ੍ਹਰਵੀਂ ਸਦੀ ਈਸਵੀ ਵਿਚ ਹੋਇਆ। ਇਹ ਸਮਾਂ ਭਾਰਤ ਵਿਚ ਵੱਡੀ ਰਾਜਨੀਤਿਕ ਉਥਲ-ਪੁਥਲ ਦਾ ਸੀ। ਕੁਝ ਹੋਰ ਸਮਕਾਲੀ ਧਾਰਮਿਕ ਨੇਤਾਵਾਂ ਦੀ ਹੀ ਤਰ੍ਹਾਂ ਕਬੀਰ ਜੀ ਦੇ ਜੀਵਨ ਬਾਰੇ ਬਹੁਤ ਥੋੜ੍ਹੀ ਭਰੋਸੇਯੋਗ ਜਾਣਕਾਰੀ ਮਿਲਦੀ ਹੈ ਭਾਵੇਂ ਕਿ ਇਹਨਾਂ ਨਾਲ ਜੁੜੇ ਮਿਥਿਹਾਸ ਦੀ ਕੋਈ ਘਾਟ ਨਹੀਂ ਹੈ। ਪਰੰਪਰਾਗਤ ਵੇਰਵਿਆਂ, ਖ਼ਾਸ ਕਰਕੇ ਕਬੀਰ ਦੇ ਪੈਰੋਕਾਰ ਕਹੇ ਜਾਂਦੇ ਕਬੀਰਪੰਥੀਆਂ ਅਨੁਸਾਰ ਕਬੀਰ ਜੀ 1398 ਤੋਂ 1518 ਤਕ 120 ਸਾਲ ਤਕ ਜਿਊਂਦੇ ਰਹੇ। ਮੌਜੂਦਾ ਖੋਜ ਨੇ 1398 ਦੇ ਸਾਲ ਨੂੰ ਇਹਨਾਂ ਦੇ ਜਨਮ ਦਾ ਸਮਾਂ ਅਤੇ 1448 ਨੂੰ ਇਹਨਾਂ ਦੀ ਮਿਰਤੂ ਦਾ ਸਮਾਂ ਸਵੀਕਾਰ ਕੀਤਾ ਹੈ। ਹਜ਼ਾਰੀ ਪ੍ਰਸਾਦ ਦਿਵੇਦੀ ਦੀ ਖੋਜ ਦੇ ਆਧਾਰ `ਤੇ ਚਾਰਲਟ ਵੋਡਵਿਲੇ ਨੇ ਇਹ ਤਿਥੀਆਂ ਠੀਕ ਮੰਨ ਲਈਆਂ ਹਨ।

      ਕਬੀਰ ਜੀ ਦਾ ਜੀਵਨ ਕਾਂਸ਼ੀ ਆਧੁਨਿਕ ਬਨਾਰਸ (ਵਾਰਾਣਸੀ) ਦੇ ਦੁਆਲੇ ਕੇਂਦਰਿਤ ਸੀ। ਇਕ ਪ੍ਰਚਲਿਤ ਪਰੰਪਰਾ ਅਨੁਸਾਰ ਕਬੀਰ ਇਕ ਬ੍ਰਾਹਮਣ ਵਿਧਵਾ ਦੇ ਪੁੱਤਰ ਸਨ ਜਿਸਨੇ ਬੱਚੇ ਨੂੰ ਜਨਮ ਉਪਰੰਤ ਹੀ ਤਜ ਦਿੱਤਾ ਸੀ। ਨੀਰੂ ਨਾਂ ਦੇ ਇਕ ਮੁਸਲਮਾਨ ਜੁਲਾਹੇ ਨੇ ਇਸ ਲੜਕੇ ਨੂੰ ਮੁਤਬੰਨਾ ਬਣਾ ਲਿਆ ਅਤੇ ਇਹਨਾਂ ਨੂੰ ਜੁਲਾਹੇ ਦਾ ਕੰਮ ਸਿਖਾਇਆ। ਇਹ ਸਪਸ਼ਟ ਨਹੀਂ ਹੈ ਕਿ ਕਬੀਰ ਜੀ ਨੇ ਵਿਆਹ ਕਰਵਾਇਆ ਸੀ ਜਾਂ ਨਹੀਂ ਪਰੰਤੂ ਪਰੰਪਰਾ ਅਨੁਸਾਰ ਇਹਨਾਂ ਦੀ ਪਤਨੀ ਦਾ ਨਾਂ ਲੋਈ ਸੀ ਅਤੇ ਇਹਨਾਂ ਦੇ ਦੋ ਬੱਚੇ ਸਨ। ਕਬੀਰ ਜੀ ਦੀ ਜਾਤ ਜੁਲਾਹਾ ਸੀ ਅਤੇ ਇਹਨਾਂ ਦੇ ਸ਼ਬਦਾਂ ਤੋਂ (ਗੁ.ਗ੍ਰੰ. 524) ਸਪਸ਼ਟ ਹੁੰਦਾ ਹੈ ਕਿ ਇਹਨਾਂ ਨੇ ਆਪਣੀ ਜਾਤ ਦੇ ਕੱਪੜਾ ਬੁਨਣ ਵਾਲੇ ਕਿੱਤੇ ਨੂੰ ਅਪਣਾਇਆ ਭਾਵੇਂ ਉਹ ਇਸ ਕਿੱਤੇ ਵੱਲ ਪੂਰਾ ਧਿਆਨ ਨਹੀਂ ਦੇ ਸਕੇ। ਬਾਅਦ ਵਿਚ ਹੋਈ ਖੋਜ ਨੇ ਜੁਲਾਹਿਆਂ ਦੇ ਨਾਥ ਪਿਛੋਕੜ ਬਾਰੇ ਮਜ਼ਬੂਤ ਸੰਭਾਵਨਾਵਾਂ ਸਥਾਪਿਤ ਕੀਤੀਆਂ ਹਨ। ਇਸ ਆਧੁਨਿਕ ਖੋਜ ਦੇ ਆਧਾਰ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਕਬੀਰ ਇਕ ਅਜਿਹੇ ਗ਼ੈਰ-ਬ੍ਰਹਮਚਾਰੀ ਯੋਗੀ ਪਰਵਾਰ ਨਾਲ ਸੰਬੰਧਿਤ ਸਨ ਜਿਸ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਵਿਖਾਵੇ-ਮਾਤਰ ਲਈ ਧਰਮ ਬਦਲੀ ਕਰਕੇ ਇਸਲਾਮ ਧਰਮ ਅਪਣਾ ਲਿਆ ਸੀ। ‘ਕਬੀਰ’ ਸਪਸ਼ਟ ਤੌਰ ਤੇ ਮੁਸਲਮਾਨੀ ਨਾਂ ਹੈ ਪਰੰਤੂ ਕਬੀਰ ਜੀ ਦਾ ਇਸਲਾਮ ਬਾਰੇ ਗਿਆਨ ਬਹੁਤ ਥੋੜ੍ਹਾ ਹੈ। ਇਹਨਾਂ ਦੀਆਂ ਰਚਨਾਵਾਂ (ਬਾਣੀ) ਵਿਚ ਹਠਯੋਗ ਦੀ ਸ਼ਬਦਾਵਲੀ ਅਤੇ ਸਿਧਾਂਤ ਦੀ ਬਹੁਲਤਾ ਝਲਕਦੀ ਹੈ ਜਿਸ ਦਾ ਸੰਬੰਧ ਨਾਥ ਪਰੰਪਰਾ ਨਾਲ ਸਪਸ਼ਟ ਹੈ। ਪਰੰਤੂ ਇਸ ਦਾ ਇਹ ਭਾਵ ਬਿਲਕੁਲ ਨਹੀਂ ਕਿ ਕਬੀਰ ਇਕ ਨਾਥ ਯੋਗੀ ਸੀ। ਯੋਗੀਆਂ ਦਾ ਇਕ ਸਿਧਾਂਤ ਹੈ ਕਿ ਪੂਰਾ ਸੱਚ ਅਨੁਭਵ ਯੋਗ ਹੈ ਅਰਥਾਤ ਇਸ ਸੱਚ ਨੂੰ ਮਨੋ- ਸਰੀਰਿਕ ਅਭਿਆਸ, ਇਕਾਗਰਤਾ , ਸੁਆਸ ਅਤੇ ਯੌਨ ਕਿਰਿਆਵਾਂ ਉੱਪਰ ਕਾਬੂ ਪਾ ਕੇ ਅਨੁਭਵ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਸਰੀਰ ਸ਼ੁੱਧ ਹੁੰਦਾ ਹੈ ਅਤੇ ਯੋਗੀ ਅਮਰ ਹੋ ਜਾਂਦਾ ਹੈ। ਕਬੀਰ ਜੀ ਦੇ ਸਮੇਂ ਦੀ ਧਾਰਮਿਕ ਵਿਚਾਰਧਾਰਾ ਵਿਚ ਇਸ ਸਿਧਾਂਤ ਦੇ ਨਾਲ ਦੋ ਹੋਰ ਸਿਧਾਂਤ ਵੀ ਜੁੜ ਗਏ ਸਨ। ਇਕ ਸੀ ਵੈਸ਼ਣਵ ਭਗਤੀ ਜਿਹੜੀ ਕਿ ਦੱਖਣ ਤੋਂ ਆਈ ਸੀ ਅਤੇ ਦੂਸਰਾ ਸੀ ਇਸਲਾਮੀ ਰਹੱਸਵਾਦ ਜਿਹੜਾ 13ਵੀਂ ਸਦੀ ਵਿਚ ਸੂਫ਼ੀ ਸੰਤਾਂ ਦੇ ਉੱਤਰ-ਪੱਛਮੀ ਭਾਰਤ ਵਿਚ ਆਉਣ ਕਾਰਨ ਜ਼ੋਰ ਫੜ ਗਿਆ ਸੀ। ਕਬੀਰ ਜੀ ਦੀ ਬਾਣੀ ਵਿਚ ਪ੍ਰੇਮ-ਭਗਤੀ ਉੱਪਰ ਜ਼ੋਰ ਦੇਣ ਤੋਂ ਇਲਾਵਾ ਉਹਨਾਂ ਉੱਪਰ ਭਗਤੀ ਲਹਿਰ ਦਾ ਪ੍ਰਭਾਵ ਸਪਸ਼ਟ ਹੈ। ਉਹਨਾਂ ਦੀ ਮਾਨਤਾ, ਕਿ ਪ੍ਰੇਮ ਦਾ ਮਾਰਗ ਕਠਿਨਤਾ ਦਾ ਰਸਤਾ ਹੈ, ਕੁਝ ਹਦ ਤਕ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਉਹਨਾਂ ਨੇ ਕੁਝ ਸਿਧਾਂਤ ਸੂਫ਼ੀਆਂ ਤੋਂ ਵੀ ਪ੍ਰਾਪਤ ਕੀਤੇ ਸਨ। ਕਬੀਰ ਜੀ ਨੇ ਨਾਥ ਪਰੰਪਰਾ, ਭਗਤੀ ਸੂਫ਼ੀਮਤ ਦੇ ਇਹਨਾਂ ਅਤੇ ਅਜਿਹੇ ਕੁਝ ਹੋਰ ਸਿਧਾਂਤਾਂ ਨੂੰ ਆਪਣੇ ਰਹੱਸਵਾਦੀ ਸੁਭਾਅ ਨਾਲ ਮਿਲਾ ਕੇ ਇਕ ਸੁਮੇਲ ਪੈਦਾ ਕੀਤਾ ਹੈ ਜੋ ਕਬੀਰ ਜੀ ਦੀ ਇਕ ਵਿਲੱਖਣਤਾ ਹੈ। ਇਕ ਹੋਰ ਦ੍ਰਿੜ ਪਰੰਪਰਾ ਸਵਾਮੀ ਰਾਮਾਨੰਦ ਨੂੰ ਕਬੀਰ ਜੀ ਦਾ ਗੁਰੂ ਮੰਨਦੀ ਹੈ ਪਰੰਤੂ ਕਬੀਰ ਦੀਆਂ ਆਪਣੀਆਂ ਰਚਨਾਵਾਂ ਵਿਚ ਪ੍ਰਾਪਤ ਗੁਰੂ ਬਾਰੇ ਕਥਨ ਬਿਨਾਂ ਸੰਦੇਹ ਇਸ ਤੱਥ ਵੱਲ ਸੰਕੇਤ ਕਰਦੇ ਹਨ ਕਿ ‘ਸੱਚਾ ਗੁਰੂ’ (ਸਤਿਗੁਰੂ) ਪਰਮਾਤਮਾ ਦੀ ਅਵਾਜ਼ ਦਰਅਸਲ ਮਨੁੱਖੀ ਆਤਮਾ ਅੰਦਰ ਹੀ ਹੈ।

      ਪੰਦ੍ਹਰਵੀਂ ਸਦੀ ਦੇ ਬਨਾਰਸ ਵਿਚ ਮੌਜੂਦਾ ਸਮੇਂ ਨਾਲੋਂ ਵੀ ਜ਼ਿਆਦਾ ਕਰਮਕਾਂਡ ਅਤੇ ਬ੍ਰਾਹਮਣਵਾਦੀ ਕੱਟੜਤਾ ਸੀ। ਪੁਜਾਰੀ ਇਕ ਉੱਤਮ ਵਰਗ ਦੇ ਰੂਪ ਵਿਚ ਸੱਤਾ ਮਾਣ ਰਹੇ ਸਨ। ਕਬੀਰ ਦੇ ਮਨ ਅੰਦਰ ਅਖੌਤੀ ਵਿਦਵਾਨ ਪੰਡਤਾਂ, ਉਹਨਾਂ ਦੇ ਪਵਿੱਤਰ ਧਾਰਮਿਕ ਗ੍ਰੰਥਾਂ ਲਈ, ਪੁਜਾਰੀ ਪਾਂਡਿਆਂ ਅਤੇ ਉਹਨਾਂ ਦੀਆਂ ਮੂਰਤੀਆਂ ਲਈ, ਸਿੱਧੜ-ਲਾਈਲੱਗ ਜਨਤਾ ਦੇ ਛਲੇ ਜਾਣ ਅਤੇ ਲੁੱਟੇ ਜਾਣ ਦੇ ਖ਼ਿਲਾਫ਼ ਰੋਸ ਅਤੇ ਨਫ਼ਰਤ ਵੀ ਸੀ। ਹਿੰਦੂ ਧਰਮ ਦੇ ਵਾਧੂ ਦੇ ਵਹਿਮਾਂ ਭਰਮਾਂ ਉੱਤੇ ਇਹਨਾਂ ਨੇ ਵਿਅੰਗ ਕੱਸੇ। ਇਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਹੀ ਨਹੀਂ ਕੀਤਾ, ਸਗੋਂ ਆਮ ਹਿੰਦੂ ਭਗਤੀ ਪ੍ਰਥਾ ਵਿਚ ਪ੍ਰਚਲਿਤ ਉਹਨਾਂ ਸਾਰੇ ਕਿਰਿਆ-ਕਰਮਾਂ ਅਤੇ ਰੀਤੀ-ਰਿਵਾਜਾਂ ਜਿਵੇਂ ਸ਼ੁੱਧਤਾ ਲਈ ਇਸ਼ਨਾਨ , ਰਵਾਇਤੀ ਵਰਤ , ਤੀਰਥ ਯਾਤਰਾ ਆਦਿ ਨੂੰ ਨਕਾਰਿਆ ਹੈ।

      ਸਥਾਪਿਤ ਅਤੇ ਪ੍ਰਚਲਿਤ ਧਰਮ ਉਸਦੀ ਖੁੱਲ੍ਹੇ-ਆਮ ਨਿੰਦਾ ਕਰਨ ਕਰਕੇ ਕਬੀਰ ਜੀ ਨੂੰ ਬਨਾਰਸ ਅਤੇ ਆਲੇ-ਦੁਆਲੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਹ ਆਮ ਲੋਕਾਂ ਅੰਦਰ ਹਰਮਨ ਪਿਆਰੇ ਸਨ ਪਰ ਬਨਾਰਸ ਦੀ ਹਾਕਮ ਸ਼੍ਰੇਣੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ। ਪਰੰਪਰਾ ਮੁਤਾਬਕ ਇਹ ਬਿਲਕੁਲ ਸਹੀ ਜਾਪਦਾ ਹੈ ਕਿ ਕਬੀਰ ਜੀ ਨੇ ਆਪਣੀ ਖੱਡੀ ’ਤੇ ਬਹੁਤ ਘੱਟ ਸਮਾਂ ਲਗਾਇਆ ਅਤੇ ਘੁਮੱਕੜ ਵਾਲਾ ਜੀਵਨ ਜੀਵਿਆ। ਉਹ ਕਿੱਥੇ ਗਏ ਅਤੇ ਕਿੰਨੀ ਦੇਰ ਕਿੱਥੇ ਠਹਿਰੇ ਇਹ ਸਿਰਫ਼ ਅਨੁਮਾਨ ਦੀਆਂ ਗੱਲਾਂ ਹਨ। ਇਹ ਸਰਬ-ਸਵੀਕਾਰਿਤ ਹੈ ਕਿ ਕਬੀਰ ਦਾ ਆਖ਼ਰੀ ਸਮਾਂ ਬਨਾਰਸ ਵਿਚ ਨਹੀਂ ਬੀਤਿਆ ਭਾਵੇਂ ਬਹੁਤੇ ਹਿੰਦੂਆਂ ਲਈ ਇਹ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ ਅਤੇ ਇਹ ਵੀ ਧਾਰਨਾ ਹੈ ਕਿ ਇੱਥੇ ਮਰਨ ਵਾਲਾ ਸਿੱਧਾ ਸਵਰਗ ਨੂੰ ਜਾਂਦਾ ਹੈ। ਇਹਨਾਂ ਨੇ ਆਪਣੇ ਅੰਤਿਮ ਦਿਨ ਨਗਰ ਦੇ 43 ਕਿਲੋਮੀਟਰ ਦੱਖਣ-ਪੂਰਬ ਵਿਚ ਇਕ ਛੋਟੇ ਜਿਹੇ ਪਿੰਡ ਮਗਹਰ ਵਿਚ ਬਤੀਤ ਕੀਤੇ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਇਸ ਬਦਸ਼ਗਨ ਪਿੰਡ ਵਿਚ ਮਰੇਗਾ ਉਹ ਅਗਲੇ ਜਨਮ ਵਿਚ ਗਧੇ ਦੀ ਜੂਨ ਪਵੇਗਾ। ਇੰਝ ਉਹਨਾਂ ਨੇ ਆਪਣੇ ਮਰਨ ਵੇਲੇ ਵੀ ਉਸ ਧਾਰਨਾ ਉੱਪਰ ਅਮਲ ਕੀਤਾ ਜਿਸਦਾ ਇਹਨਾਂ ਨੇ ਸਾਰੀ ਉਮਰ ਪ੍ਰਚਾਰ ਕੀਤਾ ਸੀ। ਇਹਨਾਂ ਨੇ ਪ੍ਰਚਲਿਤ ਧਾਰਮਿਕ ਧਾਰਨਾਵਾਂ ਅਤੇ ਵਿਤਕਰਿਆਂ ਨੂੰ ਰੱਦ ਕੀਤਾ ਹੈ। ਇਹਨਾਂ ਜਾਤ ਦੇ ਭੇਦ-ਭਾਵ ਨੂੰ ਅਸਵੀਕਾਰ ਕੀਤਾ, ਸੰਨਿਆਸ ਨੂੰ ਅਰਥਹੀਣ ਗਰਦਾਨਿਆ, ਵਰਤ ਰੱਖਣ ਅਤੇ ਦਾਨ ਦੇਣ ਨੂੰ ਵੀ ਪ੍ਰਵਾਨ ਨਹੀਂ ਕੀਤਾ ਅਤੇ ਹਿੰਦੂ ਦਰਸ਼ਨ ਦੇ ਛੇ ਸ਼ਾਸਤਰਾਂ ਨੂੰ ਵੀ ਉੱਚਾ ਦਰਜਾ ਨਹੀਂ ਦਿੱਤਾ। ਹਿੰਦੂ ਦੇਵ-ਪਰੰਪਰਾ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ। ਇਹਨਾਂ ਦੀ ਧਾਰਮਿਕ ਸਮਝ ਇਕ ਪਰਮ-ਸੱਤਾ ਵਿਚ ਵਿਸ਼ਵਾਸ’ਤੇ ਕੇਂਦਰਿਤ ਸੀ। ਭਾਵੇਂ ਇਹਨਾਂ ਨੇ ਆਪਣੀਆਂ ਰਚਨਾਵਾਂ ਵਿਚ ‘ਰਾਮ’ ਸ਼ਬਦ ਆਮ ਵਰਤਿਆ ਹੈ, ਪਰੰਤੂ ਉਸਦੀ ਬਾਣੀ ਤੋਂ ਇਹ ਸਪਸ਼ਟ ਹੈ ਕਿ ਇਹ ਰਾਮ ਦਸ਼ਰਥ ਦਾ ਪੁੱਤਰ ਅਤੇ ਵਿਸ਼ਣੁ ਦਾ ਅਵਤਾਰ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਹਨਾਂ ਦੇ ਦੋ ਸਲੋਕਾਂ ਵਿਚ ਇਹ ਸਪਸ਼ਟ ਦਰਸਾਉਂਦੇ ਹਨ ਕਿ ਰਾਮ ਦੇ ਨਾਮ ਦਾ ਜਾਪ ਕਰਦੇ ਸਮੇਂ ਇਹ ਗੱਲ ਮਨ ਵਿਚ ਸਪਸ਼ਟ ਰੱਖਣੀ ਚਾਹੀਦੀ ਹੈ ਕਿ ਇਹ ਰਾਮ ਅਯੋਧਿਆ ਦਾ ਰਾਜਾ ਨਹੀਂ ਸੀ ਜੋ ਇਕ ਸਰੀਰ ਦਾ ਧਾਰਨੀ ਸੀ ਅਤੇ ਅਣਗਿਣਤ ਮਾਨਵਤਾ ਵਿਚੋਂ ਇਕ ਸੀ, ਬਲਕਿ ਇਹ ਤਾਂ ਵਿਸਮਾਦ ਦੇ ਮਾਲਕ ਪਰਮਾਤਮਾ ਦਾ ਨਾਂ ਹੈ (ਗੁ.ਗ੍ਰੰ. 1374)। ਪਰਮਾਤਮਾ ਆਪਣੀ ਬਖ਼ਸ਼ਸ਼ ਰਾਹੀਂ ਆਪਣੇ ਆਪ ਨੂੰ ਮਨੁੱਖੀ ਆਤਮਾ ਵਿਚ ਪ੍ਰਗਟ ਕਰਦਾ ਹੈ। ਇਹ ਇਲਹਾਮ ਸਿਰਫ਼ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸਨੇ ਇਸ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੁੰਦਾ ਹੈ। ਇਸ ਤਿਆਰੀ ਦਾ ਰਸਤਾ ਪ੍ਰੇਮ ਦਾ ਮਾਰਗ ਧਾਰਨ ਕਰਨਾ ਹੈ। ਇਹ ਪ੍ਰੇਮ ਵੀ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਹੋਣਾ ਚਾਹੀਦਾ ਹੈ ਜਿਹੜਾ ਪਾਰਗਾਮੀ ਅਤੇ ਸਰਬ ਵਿਆਪਕ ਹੈ। ਇਹ ਪ੍ਰੇਮ ਬਿਰਹਾ ਦੀ ਲੰਮੀ ਤੜਪ ਸਹਿਣ ਵਾਂਗ ਹੈ ਜਿਸ ਨੂੰ ਪੱਛਮੀ ਰਹੱਸਵਾਦੀ “ਆਤਮਾ ਦੀ ਹਨੇਰੀ ਰਾਤ" ਨਾਲ ਤੁਲਨਾ ਦਿੰਦੇ ਹਨ। ਪਰਮਾਤਮਾ ਜੋ ਸੱਚਾ ਗੁਰੂ (ਸਤਿਗੁਰੂ) ਹੈ ਸ਼ਬਦ ਦਾ ਬਾਣ ਚਲਾਉਂਦਾ ਹੈ ਅਤੇ ਮਨੁੱਖ “ਕਤਲ” ਹੋ ਜਾਂਦਾ ਹੈ ਭਾਵ ਕਿ ਮੌਤ ਵਿਚ ਉਹ “ਸੱਚਾ ਜੀਵਨ” ਪ੍ਰਾਪਤ ਕਰਦਾ ਹੈ (ਗੁ.ਗ੍ਰੰ. 1374)। ਪਰਮਾਤਮਾ ਨਾਲ ਸਮਾਧੀ , ਉਸ ਨਾਲ ਰਹੱਸਾਤਮਿਕ ਮੇਲ ਦੇ ਅਕੱਥ ਅਨੁਭਵ ਵਿਚੋਂ ਇਸ ਦੀ ਪ੍ਰਾਪਤੀ ਹੁੰਦੀ ਹੈ।

            ਇਸ ਲਈ ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਕਬੀਰ ਦਾ ਵਿਅੰਗ ਕੇਵਲ ਮਨੁੱਖ ਦੀਆਂ ਬੁਰਾਈਆਂ ਅਤੇ ਕਮਜ਼ੋਰੀਆਂ ਉੱਤੇ ਹੀ ਨਹੀਂ ਸਗੋਂ ਉਹ ਇਹਨਾਂ ਰਾਹੀਂ ਅੱਗੇ ਜਾ ਕੇ ਸਮੁੱਚੇ ਪ੍ਰਬੰਧ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜਿਹੜਾ ਇਹਨਾਂ ਕਮਜ਼ੋਰੀਆਂ ਅਤੇ ਬੁਰਾਈਆਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ ਜਾਂ ਇਹਨਾਂ ਦੀ ਨੁਮਾਇੰਦਗੀ ਕਰਨ ਦਾ ਦਿਖਾਵਾ ਕਰਦਾ ਸੀ। ਕਬੀਰ ਨੇ ਪੰਡਤ ਅਤੇ ਕਾਜ਼ੀ ਤੋਂ ਜ਼ਿਆਦਾ ਵੇਦਾਂ ਅਤੇ ਕੁਰਾਨ ਦੀ ਪ੍ਰਭੁਤਾ ਉੱਪਰ ਕਿੰਤੂ ਕੀਤਾ ਹੈ। ਹੋਰ ਸੰਖੇਪ ਹੋਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹਨਾਂ ਨੇ ਪੁਸਤਕਾਂ ਜਾਂ ਪ੍ਰਭੁਤਾ ਰਾਹੀਂ ਮਨੁੱਖੀ ਹਾਲਤਾਂ ਅਤੇ ਮੁਕਤੀ (ਮੋਕਸ਼) ਦੀ ਸਮੱਸਿਆ ਨੂੰ ਹਲ ਕਰਨ ਦੇ ਦਿਖਾਵੇ ਵਿਰੁੱਧ ਬਗ਼ਾਵਤ ਕੀਤੀ ਸੀ।

      ਕਬੀਰ ਜੀ ਦੁਆਰਾ ਆਪਣੇ ਅਨੁਭਵਾਂ ਨੂੰ ਦਰਸਾਉਣ ਦੇ ਜਤਨਾਂ ਵਿਚ ਕਾਫ਼ੀ ਕੁਝ ਅਜਿਹਾ ਹੈ ਜੋ ਬਿਨਾਂ ਸ਼ੱਕ ਸਪਸ਼ਟ ਨਹੀਂ ਹੈ, ਕਿਉਂਕਿ ਇਹ ਅਨੁਭਵ ਬੁਨਿਆਦੀ ਤੌਰ ਤੇ ਰਹੱਸਵਾਦੀ ਸਨ ਅਤੇ ਜਿਵੇਂ ਕਬੀਰ ਆਪ ਵੀ ਵਾਰ-ਵਾਰ ਕਹਿੰਦੇ ਹਨ, ਪੂਰਨ ਤੌਰ ਤੇ ਅਕੱਥ ਹਨ। ਉਹਨਾਂ ਨੇ ਆਪਣੀ ਸਮੁੱਚੀ ਬਾਣੀ ਵਿਚ ਅੰਤਰੀਵੀਕਰਨ ਉੱਤੇ ਜ਼ੋਰ ਦਿੱਤਾ ਹੈ। ਉਹ ਲਗਾਤਾਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਮਨੁੱਖ ਨੂੰ ਆਪਣਾ ਧਿਆਨ ਬਾਹਰੀ ਦਿੱਸਦੇ ਜਗਤ ਵੱਲੋਂ ਮੋੜ ਕੇ ਪਰਮਾਤਮਾ ਦੇ ਵਾਸ ਅਤੇ ਆਪਣੀ ਆਤਮਾ ਦੀਆਂ ਗਹਿਰਾਈਆਂ ਵੱਲ ਲੈ ਜਾਣ ਦੀ ਲੋੜ ਹੈ। ਅਦਵੈਤਵਾਦੀ ਸਿਧਾਂਤਾਂ, ਖ਼ਾਸ ਕਰਕੇ ਜਿਹੜੇ ਨਾਥ ਜੋਗੀਆਂ ਦੁਆਰਾ ਅਪਣਾਏ ਅਤੇ ਸਵੀਕਾਰੇ ਜਾਂਦੇ ਹਨ, ਨੇ ਕਬੀਰ ਜੀ ਉੱਤੇ ਲਾਜ਼ਮੀ ਤੌਰ ਤੇ ਪ੍ਰਭਾਵ ਪਾਇਆ ਸੀ ਪਰੰਤੂ ਕਬੀਰ ਜੀ ਦੁਆਰਾ ਆਪਣੀਆਂ ਰਚਨਾਵਾਂ ਵਿਚ ਪਰਮਾਤਮਾ ਨਾਲ ਆਪਣੇ ਰਿਸ਼ਤੇ ਪ੍ਰਤੀ ਮਿਲਦੇ ਇਸ਼ਾਰਿਆਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਉਹਨਾਂ ਦੀ ਵਿਚਾਰਧਾਰਾ ਏਕੇਸ਼ਵਰਵਾਦੀ ਹੈ, ਅਦਵੈਤਵਾਦੀ ਜਾਂ ਬ੍ਰਹਮਵਾਦੀ ਨਹੀਂ।

      ਕਬੀਰ ਜੀ ਨੇ ਨਿਯਮਤ ਰੂਪ ਵਿਚ ਕਿਸੇ ਗ੍ਰੰਥ ਦੀ ਰਚਨਾ ਨਹੀਂ ਕੀਤੀ ਸਗੋਂ ਉਹਨਾਂ ਨੇ ਸੰਖੇਪ ਉਪਦੇਸ਼ਾਤਮਿਕ ਕਾਵਿ ਦੀ ਰਚਨਾ ਕੀਤੀ ਸੀ ਜਿਹੜੀ ਕਿ ਪਦਿਆਂ, ਦੋਹਿਆਂ ਅਤੇ ਰਮੈਨੀਆਂ ਦੇ ਰੂਪ ਵਿਚ ਹੈ। ਅਸਲ ਵਿਚ, ਇਹਨਾਂ ਦੀਆਂ ਕੁਝ ਕਵਿਤਾਵਾਂ ਵਿਚ ਬਹੁਤ ਰੁੱਖਾਪਨ ਹੈ ਜੋ ਬੇਲਿਹਾਜ ਫਿਟਕਾਰ ਲਈ ਬਿਲਕੁਲ ਢੁਕਵਾਂ ਹੈ। ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ, ਦੁਆਰਾ 1604 ਵਿਚ ਸੰਕਲਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਬੀਰ ਜੀ ਦੀਆਂ ਕੁਝ ਰਚਨਾਵਾਂ ਸ਼ਾਮਲ ਹਨ ਜਿਹੜੀਆਂ ਉਦੋਂ ਤੋਂ ਹੁਣ ਤਕ ਉਸੇ ਰੂਪ ਵਿਚ ਸੁਰੱਖਿਅਤ ਹਨ। ਇਹਨਾਂ ਤੋਂ ਇਲਾਵਾ, ਕਬੀਰ ਜੀ ਦੀਆਂ ਰਚਨਾਵਾਂ ਦੇ ਦੋ ਹੋਰ ਸੰਗ੍ਰਹਿ ਵੀ ਮੌਜੂਦ ਹਨ-ਕਬੀਰ ਗ੍ਰੰਥਾਵਲੀ ਅਤੇ ਬੀਜਕ। ਇਹਨਾਂ ਦੋਵਾਂ ਵਿਚੋਂ ਬੀਜਕ ਉਨਾ ਪੁਰਾਣਾ ਨਹੀਂ ਹੈ ਜਿੰਨਾ ਉਹਨਾਂ ਦੇ ਸ਼ਰਧਾਲੂ ਮੰਨਦੇ ਹਨ ਅਤੇ ਉਹਨਾਂ ਲਈ ਇਹ ਧਾਰਮਿਕ ਗ੍ਰੰਥ ਦਾ ਦਰਜਾ ਰੱਖਦਾ ਹੈ। ਕਬੀਰ ਜੀ ਨੂੰ ਤਾਂ ਹੀ ਸਮਝਿਆ ਜਾ ਸਕਦਾ ਹੈ ਜੇਕਰ ਉਹਨਾਂ ਦੀ ਰਚਨਾ ਵਿਚ ਆਏ ਗੂੜ੍ਹ ਸ਼ਬਦਾਂ ਦੇ ਪਰੰਪਰਾਗਤ ਅਰਥਾਂ ਅਤੇ ਚਿੰਨਾਤਮਿਕ ਬਿੰਬਾਂ ਦੀ ਪਛਾਣ ਹੋਵੇ। ਕਬੀਰ ਜੀ ਨੇ ਭਾਵੇਂ ਉਸ ਸਮੇਂ ਦੇ ਸੰਤ ਕਵੀਆਂ ਵਾਂਗ ਹੀ ਰਚਨਾ ਕੀਤੀ ਹੈ ਪਰ ਫਿਰ ਵੀ ਉਹਨਾਂ ਦੀ ਰਚਨਾ ਵਿਚ ਵਿਲੱਖਣਤਾ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਕਬੀਰ ਜੀ ਦੀ ਰਚਨਾ ਦਾ ਖ਼ਾਸ ਗੁਣ ਉਹਨਾਂ ਦੁਆਰਾ ਗੁੰਝਲਦਾਰ ਵਿਰੋਧਾਭਾਸੀ ਪਹੇਲੀ (ਉਲਟਬਾਂਸੀ) ਰੂਪ ਦੀ ਵਰਤੋਂ ਹੈ। ਨਾਲ ਹੀ ਨਾਲ ਉਹ ਰੋਜ਼ਾਨਾ ਜੀਵਨ ਦੀਆਂ ਘਟਨਾਵਾਂ ਵਿਚ ਵਾਪਰਦੇ ਨੈਤਿਕ ਅਤੇ ਅਧਿਆਤਮਿਕ ਸੱਚ ਦੇ ਪ੍ਰਗਟਾਵੇ ਲਈ ਬਹੁਤ ਹੀ ਸਪਸ਼ਟ ਹਨ। ਉਹਨਾਂ ਦੀ ਰਚਨਾ ਵਿਚ ਵਰਤੇ ਗਏ ਕਈ ਉਪਮਾ ਅਲੰਕਾਰ ਅਤੇ ਰੂਪਕ ਕਮਾਲ ਦੇ ਹਨ।


ਲੇਖਕ : ਡੀ.ਸੀ.ਐਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਬੀਰ (ਗੁ.। ਅ਼ਰਬੀ ਕਬੀਰ ਵੱਡਾ) ੧. ਵੱਡਾ ਭਾਵ ਪਰਮੇਸ਼ਰ। ਯਥਾ-‘ਹਕਾ ਕਬੀਰ ਕਰੀਮ ਤੂ’ ਸੱਚ ਮੁਚ ਤੂੰ ਵਡਾ ਦਾਤਾ ਹੈਂ।

੨. ਕਬੀਰ, ਭਗਤ ਜੀ ਦਾ ਬੀ ਨਾਮ ਹੈ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿਦਮਾਨ ਹੈ। ਆਪ ਪੂਰਬ ਵਿਚ ਕਾਂਸ਼ੀ ਵਿਚ ਹੋਏ ਹਨ, ਜੁਲਾਹੇ ਦਾ ਕੰਮ ਕਰਦੇ ਸਨ , ਜਿਨ੍ਹਾਂ ਨੂੰ ਲਾਵਾਰਸ ਪਾ ਕੇ ਜੁਲਾਹਿਆਂ ਨੇ ਪਾਲਿਆ। ਆਪ ਭਗਤ ਰਾਮਾਨੰਦ ਜੀ ਦੇ ਚੇਲੇ ਸਨ ਤੇ ਭਗਤ ਸੰਪ੍ਰਦਾ ਦੇ ਵਡੇ ਮਸ਼ਹੂਰ ਆਗੂ ਹੋਏ ਹਨ। ਯਥਾ-‘ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ’ (ਕਰੀਮ) ਈਸ਼੍ਵਰ ਦੀ (ਕਰਮ) ਬਖਸ਼ਸ਼ ਵੱਡੀ ਹੈ, (ਜਿਸ ਪਰ) ਉਹ ਕਰਦਾ ਹੈ ਓਹੋ ਜਾਣਦਾ ਹੈ। ਕਬੀਰ ਪਦ ਵਿਚ ਸ਼ਲੇਖ ਹੈ, ਭਗਤ ਦਾ ਨਾਮ ਬੀ ਹੈ ਅਰ ਕਰਮ ਦਾ ਵਿਸ਼ੇਖ਼ਣ ਬੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕਬੀਰ : ਇਹ ਮਧ ਕਾਲ ਵਿਚ ਭਾਰਤ ਵਿਚ ਹੋਏ ਇਕ ਸੰਤ, ਉਚ ਕੋਟੀ ਦੇ ਭਗਤ ਕਈ ਅਤੇ ਸਮਾਜ ਸੁਧਾਰਕ ਸਨ। ਇਨ੍ਹਾ ਦੀਆਂ ਕਈ ਰਚਨਾਵਾ ਨੂੰ ਸ੍ਰੀ ਗੁਰੂ ਅਰਜਨ 'ਦੇਵ ਜੀ ਨੇ 'ਆਦਿ ਗ੍ਰੰਥ' ਵਿਚ ਸ਼ਾਮਲ ਕਰਨ ਦਾ ਮਾਣ ਬਖਸ਼ਿਆ। ਇਨ੍ਹਾਂ ਦੇ ਨਾਂ ਤੇ ਕਬੀਰ-ਪੰਥੀ ਸੰਪ੍ਰਦਾਇ ਪ੍ਰਚਲਤ ਹੈ। ਕਬੀਰ-ਪੰਥੀ ਇਨ੍ਹਾਂ ਨੂੰ ਅਲੌਕਿਕ ਅਵਤਾਰੀ ਪੁਰਸ਼ ਮੰਨਦੇ ਹਨ ਅਤੇ ਇਨ੍ਹਾਂ ਸਬੰਧੀ ਬਹੁਤ ਸਾਰੀਆਂ ਚਮਤਕਾਰੀ ਗੱਲਾਂ ਸੁਣੀਆਂ ਜਾਂਦੀਆਂ ਹਨ।

          ਕਬੀਰ ਜੀ ਦਾ ਪ੍ਰਮਾਣਕ ਜੀਵਨ-ਬਿਰਤਾਂਤ ਉਪਲਬਧ  ਨਹੀਂ। ਹਿਹ ਉੱਤਰ ਪ੍ਰਦੇਸ਼ ਵਿਚ ਕਾਸ਼ੀ ਲਾਗੇ ਪੈਦਾ ਹੋਏ। ਇਨ੍ਹਾਂ ਦੇ ਜਨਮ ਅਤੇ ਮ੍ਰਿਤੂ ਬਾਰੇ ਪੱਕਾ ਪਤਾ ਨਹੀਂ ਹੈ। ਇਸ ਸਬੰਧ ਵਿਚ ਵਖ ਵਖ ਤਾਰੀਖਾਂ ਦਸੀਆਂ ਜਾਦੀਆਂ ਹਲ ਪਰ ਇਕ ਆਮ ਰਾਏ ਹੈ ਕਿ ਕਬੀਰ ਜੀ ਦੀ ਮੌਤ ਬਿਕਰਮੀ ਸੰਮਤ ਦੀ 16ਵੀਂ ਸਦੀ ਦੇ ਮੁਢ ਵਿਚ ਹੋਦ ਦਾ ਅਨੁਮਾਨ ਹੈ। ਇਸ ਅਨੁਸਾਰ ਉਨ੍ਹਾ ਦਾ ਜਨਮ ਸੰਮਤ 1455 ( 1398ਈ.) ਤੋਂ ਕੁਝ ਪਹਿਲਾਂ ਹੀ ਮੰਨਿਆ ਜਾਂਦਾ ਹੈ।

          ਕਬੀਰ ਸਾਹਿਬ ਦੀ ਜ਼ਾਤ ਬਾਰੇ ਵੀ ਵਖ ਵਖ ਰਾਵਾਂ ਹਨ। ਕੁਝ ਲੋਕ ਇਨ੍ਹਾਂ ਨੂੰ ਹਿੰਦੂ ਬ੍ਰਾਹਮਣ ਦੇ ਘਰ ਪੈਦਾ ਹੋਇਆ ਪਰ ਪਾਲਣਾ ਪੋਸਣਾ 'ਨੀਰੂ' ਅਤੇ 'ਨਿਮਾ' ਨਾਂ ਦੇ ਮੁਸਲਮਾਨ ਜਲਾਹੇ ਜੋੜੇ ਵਲੋਂ ਕੀਤੀ ਗਈ ਦਸਦੇ ਹਨ। ਕੁਝ ਲੋਕ ਕਬੀਰ ਸਾਹਿਬ ਨੁੰ ਜਨਮ ਤੋਂ ਜੁਲਾਹਾ ਅਤੇ ਮੁਸਲਮਾਲ ਮੰਨਦੇ ਹਨ। ਪਰ ਵਿਦਵਾਨਾਂ ਅਨੁਸਾਰ ਕਿਸੇ ਵੀ ਗੱਲ ਦਾ ਕੋਈ ਪੱਕਾ ਪ੍ਰਮਾਣ  ਨਹੀਂ ਮਿਲਦਾ। ਕਬੀਰ-ਪੰਥੀਆਂ ਅਨੁਸਾਰ ਕਬੀਰ ਸਾਹਿਬ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਪਰ ਆਮ ਵਿਚਾਰ ਹੈ ਕਿ ਇਨ੍ਹਾਂ ਦੀ ਘਰ ਵਾਲੀ ਦਾ ਨਾਂ 'ਲੋਈ' ਅਤੇ ਪੁੱਤਰ ਅਤੇ ਧੀ ਦਾ ਨਾਂ 'ਕਮਾਲਾ' ਅਤੇ 'ਕਮਾਲੀ' ਸੀ। ਕਬੀਰ ਸਾਹਿਬ ਦੀਆਂ ਰਚਨਾਵਾਂ ਵਿਚ ਆਏ ਕਈ ਅਜਿਹੇ ਨਾਵਾਂ ਦੇ ਆਧਾਰ ਤੇ ਲੋਕ ਇਨ੍ਹਾਂ ਨਾਲ ਇਸ ਕਿਸਮ ਦੀਆਂ ਵੱਖ ਵੱਖ ਗੱਲਾ ਜੋੜਦੇ ਹਨ।

          ਕਬੀਰ ਜੀ ਦਾ ਪੇਸ਼ਾ ਕਪੜਾ ਬੁਣਨਾ ਸੀ। ਗਰੀਬੀ ਦੇ ਕਾਰਨ ਇਕ ਪਾਸੇ ਪਰਵਾਰ ਨੂੰ ਪਾਲਣਾ ਅਤੇ ਦੂਜੇ ਪਾਸੇ ਸੰਤਾਂ ਸਾਧੂਆਂ ਅਤੇ ਮਹਿਮਾਨਾਂ ਦੀ ਸੇਵਾ ਕਰਲਾ ਮੁਸ਼ਕਲ ਸੀ, ਇਸ ਲਈ ਕਬੀਰ ਸਾਹਿਬ ਨੂੰ ਸਾਰੀ ਉਮਰ ਆਰਥਕ ਸੰਕਟ ਰਿਹਾ।

          ਕਬੀਰ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਪਰ ਕੰਨ-ਰਸੀਏ ਬਹੁਤ ਸਨ। ਇਨ੍ਹਾਂ ਦੀਆਂ ਵਧੇਰੇ ਰਚਨਾਵਾਂ ਸਾਖੀਆਂ ਅਤੇ ਸ਼ਬਦਾਂ ਦੇ ਰੂਪ ਵਿਚ ਹਨ। ਕੁਝ ਵਿਦਵਾਲ ਰਾਮਾਨੰਦ ਨੂੰ ਕਬੀਰ ਜੀ ਦਾ 'ਗੁਰੂ' ਮੰਨਦੇ ਹਲ ਅਤੇ ਕਈ ਸ਼ੇਖ ਤਕੀ ਨੁੰ ਉਨ੍ਹਾਂ ਦਾ 'ਪੀਰ' ਦਸਦੇ ਹਨ। ਕਬੀਰ ਸਾਹਿਬ ਸਬੰਧੀ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੇ ਦੂਰ ਦੁਰਾਡੇ ਘੁੰਮ ਫਿਰ ਕੇ ਸਤਸੰਗ ਕੀਤੇ ਅਤੇ ਉਪਦੇਸ਼ ਦਿਤਾ। ਵਰ ਵਧੇਰੇ ਕਰਕੇ ਆਪ ਕਾਸ਼ੀ ਵਿਚ ਹੀ ਟਿਕੇ ਰਹੇ।

          ਕਬੀਰ ਜੀ ਦੀਆ ਰਚਨਾਵਾਂ ਸਿੱਖਾਂ ਦੇ 'ਆਦਿ ਗ੍ਰੰਥ' ਵਿਚ 'ਕਬੀਰ ਰਚਲਾਵੀ' ਅਤੇ 'ਕਬੀਰ ਬੀਜਕ' ਰੂਪ ਵਿਚ ਮਿਲਦੀਆਂ ਹਨ। ਕਬੀਰ ਜੀ ਦੀ ਬਾਣੀ ਨੂੰ ਬਹੁਤ ਉੱਤਮ ਮੰਨਿਆ ਜਾਂਦਾ ਹੈ। ਆਪਣੀ ਬਾਣੀ ਵਿਚ ਇਨ੍ਹਾ ਨੇ ਪ੍ਰਚਲਤ ਧਰਮਾਂ ਅਤੇ ਰਸਮਾਂ ਰੀਤਾਂ ਦੀ ਬੜੇ ਵਿਚਾਰਸ਼ੀਲ ਢੰਗ ਨਾਲ ਪੜਚੋਲ ਕੀਤੀ ਹੈ ਅਤੇ ਸਮਾਜ ਵਿਚ ਪਾਈਆਂ ਜਾਂਦੀਆਂ ਕੁਰੀਤੀਆਂ ਤੇ ਬੇਇਨਸਾਫ਼ੀ ਵਿਰੁਧ ਲਿਖ ਕੇ ਲੋਕਾ ਦਾ ਧਿਆਨ ਖਿਚਿਆ ਹੈ ਅਤੇ ਆਪਣੇ ਵਿਚਾਰ ਪੇਸ਼ ਕੀਤੇ ਹਨ।

          ਆਪਣੀ ਬਾਣੀ ਵਿਚ ਕਬੀਰ ਜੀ ਨੇ ਪ੍ਰਮਾਤਮਾ ਦੇ ਸਬੰਧ ਵਿਚ 'ਅਗਮ' 'ਅਕਥ' 'ਅਨੂਪਮ' ,'ਗੁਣ ਅਤੀਤ', 'ਗੁਨ ਬਿਹੂਨ' ਅਤੇ 'ਨਿਰਗੁਨ' ਆਦਿ ਸ਼ਬਦਾਂ' ਦਾ ਪ੍ਰਯੋਗ ਕੀਤਾ ਹੈ। ਪ੍ਰਮਾਤਮਾ ਨੂੰ ਉਹ 'ਕਰਤਾ' ਅਤੇ 'ਸਿਰਜਨਹਾਰ' ਵੀ ਕਹਿੰਦੇ ਹਨ, ਉਸ ਨੂੰ 'ਵਿਸ਼ਨੂੰ', 'ਨਰਸਿੰਘ' ਅਤੇ 'ਕ੍ਰਿਸ਼ਣ' ਵਰਗੇ ਸਰਗੁਣ ਅਤੇ ਅਵਤਾਰਰੂਪ ਵੀ ਦਿੰਦੇ ਹਨ। ਕਬੀਰ ਜੀ ਲੇ ਜਗਤ ਨੂੰ ਪ੍ਰਮਾਤਮਾ ਦੀ 'ਲੀਲਾ' ਦੱਸਿਆ ਹੈ ਅਤੇ ਵੁਸ ਦੀ 'ਮਾਇਆ' ਨੂੰ ਲੋਕਾ ਨੂੰ 'ਭਰਮਾਉਣ' ਵਾਲੀ', 'ਸੱਪਣੀ 'ਅਤੇ 'ਡਾਇਣ' ਤਕ ਕਿਹਾ ਹੈ।

          ਕਬੀਰ ਜੀ ਅਨੁਸਾਰ ਪ੍ਰਮਾਤਮਾ ਦਾ ਸਿਮਰਣ ਕਰਕੇ ਸੱਚੇ ਸੰਤ ਉਸ ਨੂੰ ਪਾ ਲੈਂਦੇ ਹਲ ਅਤੇ 'ਨਿਰਵੇਰਤਾ 'ਅਤੇ  'ਨਿਸ਼ਕਾਮਤਾ' ਆਦਿ ਪ੍ਰਮਾਤਮਾ ਦੇ ਗੁਣ ਉਨ੍ਹਾਂ ਵਿਚ ਵੀ ਆ ਜਾਂਦੇ ਹਨ। ਕਬੀਰ ਜੀ ਕਹਿੰਦੇ ਹਨ ਕਿ ਜਦੋਂ ਸਾਰੇ ਜੀਵ ਇਕੋ ਜੋਤ ਤੋਂ ਉਪਜਦੇ ਹਨ ਤਾਂ ਆਪਸ ਵਿਚ ਭੇਦਭਾਵ ਦਾ ਕੋਈ ਮਤਲਬ ਹੀ ਨਹੀਂ। ਬ੍ਰਾਹਮਣਾਂ ਦੀ ਸਾਮਿਅਕ ਅਖੌਤੀ ਉੱਚਤਾ ਨੂੰ ਆਪ ਨੇ ਜ਼ੋਰਦਾਰ ਸ਼ਬਦਾਂ ਵਿਚ ਭੰਡਿਆ ਹੈ। ਵਾਸਤਵ ਵਿਚ ਕਬੀਰ ਜੀ ਨੇ ਬ੍ਰਾਹਮਣੀ ਤੇ ਇਸਲਾਮੀ ਕਰਮਕਾਡਾਂ ਦੀ ਬਹੁਤ ਨਿਖੇਧੀ ਕੀਤੀ ਹੈ। ਉਨ੍ਹਾਂ ਅਨੁਸਾਰ ਮਨੁੱਖੀ ਸਮਾਜ ਵਿਚ ਪਾਏ ਜਾਂਦੇ ਸੰਪ੍ਰਦਾਇਕ ਭੇਦ ਭਾਵ, ਊਚ ਨੀਚ ਅਤੇ ਧਨੀ ਤੇ ਨਿਰਧਨ ਦੇ ਅੰਤਰ ਸਭ ਨਿਰਮੂਲ ਅਤੇ ਗ਼ਲਤ ਹਨ। ਮਾਨਵੀ ਭਾਈਚਾਰੇ ਤੇ ਸੇਵਾ ਸਿਮਰਨ ਦੇ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1349-50 ਉਤੇ ਭਗਤ ਕਬੀਰ ਜੀ ਲਿਖਦੇ ਹਨ :––

          ਅਵਲਿ ਅਲਾਹ ਨੂਰ ਉਪਾਇਆ, ਕੁਦਰਤਿ ਕੇ ਸਭ ਬੰਦੇੂ॥

          ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੇ ਮੰਦੇ॥

          ਲੋਗਾ ਭਰਮਿ ਨ ਭੂਲਹੁ ਭਾਈ॥ ਖਾਲਿਕ ਖਲਕ, ਖਲਕ

          ਮਾਹਿ ਖਾਲਿਕੁ ਪੂਰ ਰਹਿਓ ਸਬ ਠਾਂਈ॥1॥ ਰਹਾਉੁ॥

          ਮਾਟੀ ਏਕ ਅਨੇਕ ਭਾਂਤਿ ਕਰਿ, ਸਾਜੀ ਸਾਜਨਹਾਰੇ॥

          ਨਾ ਕਛੁ ਪੋਚ ਮਾਟੀ ਕੇ ਭਾਂਡੇ, ਲਾ ਕਛੁ ਪੋਚ ਕੁੰਭਾਰੈ॥ 2 ॥

          ਸਭ ਮਹਿ ਸਚਾ ਏਕੋ ਸੋਈ, ਤਿਸ ਕਾ ਕੀਆ ਸਭੁ ਕਛੁ ਹੋਈ ॥

          ਹੁਕਮੁ ਪਤਾਨੈ ਸੁ ਏਕੋ ਜਾਨੈ, ਬੰਦਾ ਕਹੀਐ ਸੋਈ ॥ 3 ॥

          ਅਲਹੁ ਅਲਖੁ ਨਾ ਜਾਈ ਲਖਿਆ, ਗੁਰਿ ਗੁੜੁ ਦੀਨਾ ਮੀਠਾ ॥

          ਕਹਿ ਕਬੀਰ ਮੇਰੀਸੰਕਾ ਨਾਸੀ, ਸਰਬ ਨਿਰੰਜਨੁ ਡੀਠਾ ॥ 4 ॥

          ਕਬੀਰ ਜੀ ਨੇ ਆਪਣੀਆਂ ਰਚਨਾਵਾਂ ਮਿਸ਼੍ਰਿਤ ਭਾਸ਼ਾ ਵਿਚ ਲਿਖੀਆਂ ਹਨ ਪਰ ਮੋਟੇ ਤੌਰ ਤੇ ਉਨ੍ਹਾਂ ਦੀ ਭਾਸ਼ਾ ਪੁਰਾਦੀ 'ਹਿੰਦਵੀ' ਜਾਂ 'ਪੂਰਬੀ ਹਿੰਦੀ' ਕਹੀ ਜਾਦੀ ਹੈ। ਆਪ ਦੀਆ ਰਚਨਾਵਾਂ ਵਿਆਰਕਣ ਅਤੇ ਪਿੰਗਲ ਦੇ ਨਿਯਮਾਂ ਉਤੇ ਪੂਰੀਆਂ ਨਹੀਂ ਉਤਰਦੀਆਂ ਅਤੇ ਕਈ ਸ਼ਬਦਾਂ ਦੇ ਵੱਖ ਵੱਖ ਰੂਪ ਮਿਲਦੇ ਹਨ। ਪਰ ਕਬੀਰ ਸਾਹਿਬ ਦੀ ਰਚਨਾ ਸ਼ੈਲੀ ਵਿਚ ਇਕ ਨਿਰਾਲਾ ਹੀ ਤੇਜ ਦੇਖਣ ਵਿਚ ਆਉਂਦਾ ਹੈ। ਵੰਨ ਸੁਵੰਨੇ ਚਿੰਨ੍ਹ ਅਤੇ ਪ੍ਰਤੀਕ ਕਬੀਰ ਜੀ ਦੀ ਕਵੀ ਪ੍ਰਤਿਭਾ ਵਲ ਸੰਕੇਤ ਕਰਦੇ ਹਨ।

          ਕਬੀਰ ਜੀ ਤਾ ਵਿਅਕਤਿਤਵ ਵਿਲੱਖਣ ਸੀ। ਉਨ੍ਹਾਂ ਦੀਆਂ ਰਚਨਾਵਾਂ ਦੇ ਆਧਾਰ ਤੇ ਲੋਕ ਉਨ੍ਹਾ ਨੂੰ ਵੱਖ ਵੱਖ ਮੱਤਾਂ ਅਤੇ ਸੰਪ੍ਰਦਾਵਾਂ ਨਾਲ ਜੋੜਦੇ ਹਨ। ਪਰ ਵਾਸਤਵ ਵਿਚ ਉਹ ਇਕ 'ਸੰਤ ਕਵੀ' ਸਨ ਅਤੇ 'ਸੰਤ ਸਾਹਿਤ' ਨੂੰ ਉਨਾਂ ਦੀ ਬਹੁਤ ਵੱਡੀ ਦੇਣ ਹੈ।

          ਹ. ਪੁ.––ਹਿ. ਵਿ. ਕੋ. 2 : 346   


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕਬੀਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬੀਰ, (ਅਰਬੀ : ਕਬੀਰ√ ਕਿਬਰ=ਵੱਡਾ ਹੋਣਾ) \ ਵਿਸ਼ੇਸ਼ਣ : ੧. ਵੱਡਾ, ਬਜ਼ੁਰਗ, ਜਵਾਨ, ਬੜਾ; ੨. ਇੱਕ ਸ਼ਰੀਫ ਆਦਮੀ, ਸਰਦਾਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-02-51-22, ਹਵਾਲੇ/ਟਿੱਪਣੀਆਂ:

ਕਬੀਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਬੀਰ, ਪੁਲਿੰਗ : ੧. ਇੱਕ ਪ੍ਰਸਿੱਧ ਭਗਤ ਤੇ ਕਵੀ; ੨. ਕਬੀਰ ਪੰਥੀਆਂ ਦਾ ਬਾਨੀ ਜੋ ਜਾਤ ਦਾ ਜੁਲਾਹਾ ਸੀ, ਇਨ੍ਹਾਂ ਦਾ ਜਨਮ ਸੰਮਤ ੧੪੫੫ ਵਿੱਚ ਹੋਇਆ ਅਤੇ ਦਿਹਾਂਤ ਸੰਮਤ ੧੫੫੭  ਵਿੱਚ ਹੋਇਆ

–ਕਬੀਰ ਪੰਥ, ਪੁਲਿੰਗ : ਕਬੀਰ ਜੀ ਦਾ ਚਲਾਇਆ ਹੋਇਆ ਮੱਤ

–ਕਬੀਰਪੰਥੀ, ਵਿਸ਼ੇਸ਼ਣ : ਕਬੀਰ ਦੇ ਮੱਤ ਨੂੰ ਮੰਨਣ ਵਾਲਾ, ਕਬੀਰ ਪੰਥ ਦਾ ਅਨੁਸਾਰੀ

–ਕਬੀਰ ਬੰਸੀਆ, ਪੁਲਿੰਗ : ਕਬੀਰ ਬੰਸੀ

–ਕਬੀਰ ਬੌਂਸੀਆ, ਪੁਲਿੰਗ : ਕਬੀਰ ਬੰਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-02-51-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.