ਹੁਸੈਨ ਖ਼ਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਸੈਨ ਖ਼ਾਨ (ਦੇ. 1696): ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿਤ੍ਰ ਨਾਟਕ ਵਿਚ ਹੁਸੈਨੀ ਕਿਹਾ ਗਿਆ ਹੈ। ਇਹ ਮੁਗ਼ਲ ਫ਼ੌਜ ਵਿਚ ਇਕ ਮਹੱਤਵਪੂਰਨ ਅਫ਼ਸਰ ਦਿਲਾਵਰ ਖ਼ਾਨ ਦਾ ਗ਼ੁਲਾਮ ਜਰਨੈਲ ਸੀ। ਦਿਲਾਵਰ ਖ਼ਾਨ ਨੂੰ ਜਦੋਂ ਉਸ ਵਿਨਾਸ਼ਕਾਰੀ ਘਟਨਾ ਦਾ ਪਤਾ ਲੱਗਾ ਜਿਹੜੀ ਉਸ ਦੇ ਪੁੱਤਰ ਨੂੰ ਗੁਰੂ ਗੋਬਿੰਦ ਸਿੰਘ ਵਿਰੁੱਧ ਸ਼ਾਹੀ ਮੁਹਿੰਮ ਸਮੇਂ ਪੇਸ਼ ਆਈ ਸੀ ਤਾਂ ਉਸਨੇ ਆਪਣੇ ਜਰਨੈਲ ਹੁਸੈਨ ਖ਼ਾਨ ਨੂੰ ਇਸ ਹਾਰ ਦਾ ਬਦਲਾ ਲੈਣ ਲਈ ਭੇਜਿਆ। ਹੁਸੈਨ ਖ਼ਾਨ 1696 ਦੇ ਅਰੰਭ ਵਿਚ ਭਾਰੀ ਫ਼ੌਜ ਲੈ ਕੇ ਅਨੰਦਪੁਰ ਵੱਲ ਚੱਲ ਪਿਆ। ਕਈ ਪਹਾੜੀ ਰਾਜਿਆਂ ਨੇ ਉਸ ਦੀ ਅਧੀਨਗੀ ਮੰਨ ਲਈ। ਰਸਤੇ ਵਿਚ ਹੁਸੈਨ ਖ਼ਾਨ ਗੁਲੇਰ ਦੇ ਰਾਜਾ ਰਾਜ ਸਿੰਘ (ਬਚਿਤ੍ਰ ਨਾਟਕ ਦਾ ਰਾਜਾ ਗੋਪਾਲ) ਨਾਲ ਉਲਝ ਗਿਆ। ਮੰਗੇ ਗਏ ਨਜ਼ਰਾਨੇ ਦੀ ਭਾਰੀ ਰਕਮ ਦੇਣ ਤੋਂ ਅਸਮਰੱਥ ਰਾਜ ਸਿੰਘ ਲੜਾਈ ਲਈ ਤਿਆਰ ਬੈਠਾ ਸੀ। ਭਾਈ ਸੰਗਤੀਆ ਅਤੇ ਸੱਤ ਹੋਰ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਲੇਰ ਦੇ ਰਾਜ ਦਰਬਾਰ ਵਿਚ ਸ਼ਾਂਤੀ ਦੇ ਦੂਤਾਂ ਵਜੋਂ ਭੇਜਿਆ ਹੋਇਆ ਸੀ। ਇਹਨਾਂ ਨੇ ਵੀ ਜੰਗ ਵਿਚ ਹਿੱਸਾ ਲਿਆ। ਹੁਸੈਨ ਖ਼ਾਨ ਦੀ ਮਦਦ ਕਾਂਗੜਾ ਅਤੇ ਬਿਲਾਸਪੁਰ ਦੇ ਰਾਜਿਆਂ ਨੇ ਕੀਤੀ। 20 ਫ਼ਰਵਰੀ 1696 ਨੂੰ ਹੋਈ ਭਿਆਨਕ ਲੜਾਈ ਵਿਚ ਹੁਸੈਨ ਖ਼ਾਨ ਮਾਰਿਆ ਗਿਆ ਅਤੇ ਗੁਲੇਰ ਦਾ ਰਾਜਾ ਅਤੇ ਉਸ ਦੇ ਸਹਾਇਕਾਂ ਨੇ ਫ਼ੈਸਲਾਕੁਨ ਲੜਾਈ ਜਿੱਤੀ। ਸੰਗਤੀਆ ਅਤੇ ਉਸ ਦੇ ਸੱਤ ਸਿੱਖ ਇਸ ਘਮਸਾਨ ਦੀ ਲੜਾਈ ਵਿਚ ਲੜਦੇ ਹੋਏ ਸ਼ਹੀਦ ਹੋ ਗਏ।


ਲੇਖਕ : ਭ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.